*ਫਲਾਵਰ ਸ਼ੋਅ-2024 ਦੀਆਂ ਤਿਆਰੀਆਂ ਸ਼ੁਰੂ*

 ਫਲਾਵਰ ਸ਼ੋਅ-2024 ਦੀਆਂ ਤਿਆਰੀਆਂ ਸ਼ੁਰੂ


ਮਾਨਸਾ 6 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ/
ਫਲਾਵਰ ਸ਼ੋਅ 2024 ਦੀਆਂ ਤਿਆਰੀਆਂ ਸੰਬੰਧੀ ਇੱਕ ਜਰੂਰੀ ਮੀਟਿੰਗ ਇਨਵਾਇਰਮੈੰਟ ਸੁਸਾਇਟੀ ਮਾਨਸਾ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸੁਸਾਇਟੀ ਦੀ ਸਥਾਪਨਾ ਸੰਨ 1997 'ਚ ਕਨਵੀਨਰ ਅਸ਼ੋਕ ਸਪੋਲੀਆ ਵੱਲੋਂ ਸ਼ੁਰੂ ਕੀਤੀ ਗਈ ਜਿਸਦੇ ਪਹਿਲੇ ਪ੍ਰਧਾਨ ਡਾ. ਵਿਜੇ ਸਿੰਗਲਾ ਸਨ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਸੁਸਾਇਟੀ ਡਾ. ਵਿਜੇ ਸਿੰਗਲਾ ਦੀ ਅਗਵਾਈ ਹੇਠ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਕਾਰਜ ਕਰ ਰਹੀ ਹੈ ਜਿਨ੍ਹਾਂ ਵਿੱਚੋਂ ਫੁੱਲਾਂ ਦਾ ਮੇਲਾ ਇਸ ਸੁਸਾਇਟੀ ਦਾ ਇੱਕ ਵਿਲੱਖਣ ਕਾਰਜ ਹੈ ਜਿਸਦੀ ਕਿ ਮਾਨਸਾ ਵਾਸੀ ਹਰ ਸਾਲ ਬੜੀ ਬੇਸਬਰੀ ਦੇ ਉਡੀਕ ਕਰਦੇ ਹਨ। ਇਸ ਸਾਲ ਲਗਾਏ ਜਾਣ ਵਾਲੇ ਫੁੱਲਾਂ ਦੇ ਮੇਲੇ ਦੀ ਤਿਆਰੀ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਕਿ ਇਸ ਵਾਰ ਫੁੱਲਾਂ ਦਾ ਮੇਲਾ ਮਿਤੀ 24 ਮਾਰਚ 2024 ਦਿਨ ਐਤਵਾਰ ਨੂੰ ਸੈੰਟਰਲ ਪਾਰਕ ਮਾਨਸਾ ਵਿਖੇ ਸਵੇਰੇ 10:00 ਵਜੇ ਤੋਂ ਸ਼ਾਮ 5:00 ਤੱਕ ਲਗਾਇਆ ਜਾਵੇਗਾ। ਇਸ ਸੰਬੰਧੀ ਪ੍ਰਧਾਨ ਡਾ. ਵਿਜੈ ਸਿੰਗਲਾ ਨੇ ਫਲਾਵਰ ਸ਼ੋਅ ਦੀ ਕਾਮਯਾਬੀ ਲਈ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ। ਸੁਸਾਇਟੀ ਦੇ ਕਨਵੀਨਰ ਅਸ਼ੋਕ ਸਪੋਲੀਆ ਜੀ ਨੇ ਫੁੱਲਾਂ ਦੇ ਸਮੁੱਚੇ ਪ੍ਰਬੰਧ ਦੀ ਜਿੰਮੇਵਾਰੀ ਸਾਂਭੀ। ਮੇਲੇ ਦੇ ਕੋ-ਕਨਵੀਨਰ ਨਰੇਸ਼ ਵਿੱਕੀ ਜੀ ਨੇ ਕਿਹਾ ਕਿ ਹਰ ਤਰ੍ਹਾਂ ਦੇ ਫੁੱਲਾਂ ਵਾਲੇ, ਫਲਾਂ ਵਾਲੇ ਅਤੇ ਸਜਾਵਟੀ ਬੂਟੇ ਬਿਨਾਂ ਕਿਸੇ ਲਾਭ ਦੇ ਦਿੱਤੇ ਜਾਣਗੇ। ਸਭਿਆਚਾਰਕ ਪ੍ਰੋਗਰਾਮ ਅਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਡਾ. ਵਿਨੋਦ ਮਿੱਤl ਨੂੰ ਸੌਂਪੀ ਗਈ। ਸੁਸਾਇਟੀ ਦੇ ਜਨਰਲ ਸੈਕਟਰੀ ਵਿਸ਼ਾਲ ਜੈਨ ਗੋਲਡੀ ਨੇ ਸਟਾਲਾਂ ਦੀ ਬੁਕਿੰਗ ਦੀ ਜਿੰਮੇਵਾਰੀ ਸਾਂਭੀ।  ਮੇਲੇ ਲਈ ਵਿੱਤੀ ਕਾਰਜ ਦੀ ਡਿਊਟੀ ਰੋਹਤਾਸ਼ ਜੀ ਨੂੰ ਦਿੱਤੀ ਗਈ। ਡਾ. ਵਿਨੋਦ ਮਿੱਤਲ ਨੇ ਦੱਸਿਆ ਕਿ ਇਸ ਵਾਰ ਫਲਾਵਰ ਸ਼ੋਅ ਸੰਬੰਧੀ ਲੋਕਾਂ ਵਿੱਚ ਭਰਵਾਂ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਪ੍ਰਬੰਧਕਾਂ ਵੱਲੋਂ ਵੀ ਫਲਾਵਰ ਸ਼ੋਅ ਸੰਬੰਧੀ ਅਗੇਤਰੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਸੁਸਾਇਟੀ ਦੇ ਕਨਵੀਨਰ ਅਸ਼ੋਕ ਸਪੋਲੀਆ ਜੀ ਨੇ ਦੱਸਿਆ ਕਿ 14 ਫਰਵਰੀ ਨੂੰ ਸੈੰਟਰਲ ਪਾਰਕ ਮਾਨਸਾ ਵਿਖੇ ਗੁਲਾਬ ਦੇ ਫੁੱਲਾਂ ਵਾਲੇ ਬੂਟੇ ਲਾਏ ਜਾਣਗੇ ਅਤੇ 14 ਮਾਰਚ ਨੂੰ ਸੈੰਟਰਲ ਪਾਰਕ ਮਾਨਸਾ ਵਿਖੇ ਹੀ  ਸਿੱਖ ਵਾਤਾਵਰਨ ਦਿਵਸ ਹਰਬਲ ਪਾਰਕ ਵਿੱਚ ਵੱਖ-ਵੱਖ ਬੂਟੇ ਲਾ ਕੇ ਮਨਾਇਆ ਜਾਵੇਗਾ।

ਕੋ-ਚੇਅਰਮੈਨ ਨਰੇਸ਼ ਵਿੱਕੀ ਨੇ ਕਿਹਾ ਕਿ ਜੇਕਰ ਕੋਈ ਸਕੂਲ, ਕਾਲਜ਼ ਜਾਂ ਸੰਗੀਤ ਅਕੈਡਮੀ ਇਸ ਫਲਾਵਰ ਸ਼ੋਅ 'ਤੇ ਆਪਣੀ ਪੇਸ਼ਕਾਰੀ ਦੇਣਾ ਚਾਹੁੰਦੀ ਹੈ ਤਾਂ ਉਹ ਇਸ ਫਲਾਵਰ ਸ਼ੋਅ ਦੇ ਪ੍ਰੋਗਰਾਮ ਇੰਚਾਰਜ਼ ਡਾ. ਵਿਨੋਦ ਮਿੱਤਲ ਨਾਲ ਸੰਪਰਕ ਕਰ ਲੈਣ। ਇਸ ਮੌਕੇ ਮੈਂਬਰਾਂ ਵੱਲੋਂ ਡਾ. ਵਿਜੈ ਸਿੰਗਲਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸ਼ਹਿਰ ਵਿੱਚ ਲੋਕਾਂ ਦੀ ਸਹੂਲਤ ਲਈ ਪਬਲਿਕ ਟੁਆਇਲਟ ਬਣਾਏ ਜਾਣ ਕਿਉਂਕਿ ਇੰਨਵਾਇਰਮੈਂਟ ਸੁਸਾਇਟੀ ਮਾਨਸਾ ਗਰੀਨ ਮਾਨਸਾ, ਕਲੀਨ ਮਾਨਸਾ ਦਾ ਉਦੇਸ਼ ਲੈ ਕੇ ਹੋੰਦ ਵਿੱਚ ਆਈ ਹੈ ਅਤੇ ਇਸ ਉਦੇਸ਼ ਪ੍ਰਾਪਤੀ ਲਈ ਅਜਿਹੀਆਂ ਸਹੂਲਤਾਂ ਦਾ ਹੋਣਾ ਅਤਿ ਜਰੂਰੀ ਹੈ। ਇਸ ਮੀਟਿੰਗ ਵਿੱਚ ਰਵੀ ਸਿੰਗਲਾ, ਨਵਦੀਪ ਆਹਲੂਵਾਲੀਆਂ, ਆਰ. ਸੀ. ਗੋਇਲ, ਰਾਕੇਸ਼ ਸੇਠੀ, ਪਰਮਜੀਤ ਸਿੰਘ, ਬਿਕਰਮਜੀਤ ਰੌਕੀ, ਪੁਨੀਤ ਸ਼ਰਮਾਂ ਆਦਿ ਮੈਂਬਰਾਂ ਨੇ ਆਪਣੀ  ਹਾਜ਼ਰੀ ਲਗਵਾਈ।

Post a Comment

0 Comments