*ਪੁਰਾਣੀ ਪੈਨਸ਼ਨ ਬਹਾਲੀ ਲਈ 25 ਫਰਵਰੀ ਦੀ ਰੈਲੀ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਮੋਗਾ ਪੂਰੇ ਜ਼ੋਰ ਨਾਲ ਹੋਵੇਗਾ ਸ਼ਾਮਲ - ਸੁਖਪਾਲਜੀਤ ਸਿੰਘ*

ਪੁਰਾਣੀ ਪੈਨਸ਼ਨ ਬਹਾਲੀ ਲਈ 25 ਫਰਵਰੀ ਦੀ ਰੈਲੀ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਮੋਗਾ ਪੂਰੇ ਜ਼ੋਰ ਨਾਲ ਹੋਵੇਗਾ ਸ਼ਾਮਲ - ਸੁਖਪਾਲਜੀਤ ਸਿੰਘ


ਮੋਗਾ 22 ਫਰਵਰੀ [ ਕੈਪਟਨ ਸੁਭਾਸ਼ ਚੰਦਰ ਸ਼ਰਮਾ
]:- "ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਕਰਕੇ ਮੁੱਕਰ ਗਈ ਹੈ। ਜਿਸ ਕਾਰਨ ਪੰਜਾਬ ਦੇ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਗਿਆ ਮਹਿਸੂਸ ਕਰ ਰਹੇ ਹਨ। ਸਰਕਾਰ ਨੇ ਨਵੰਬਰ 2022 ਵਿੱਚ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਇੱਕ ਅੱਧ-ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪ੍ਰੰਤੂ ਉਸ ਤੋਂ ਬਾਅਦ ਸਵਾ ਸਾਲ ਬੀਤ ਜਾਣ 'ਤੇ ਵੀ ਸਰਕਾਰ ਦੁਆਰਾ ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ ਸਰਕਾਰ ਦੀ ਬੇਈਮਾਨੀ ਨੂੰ ਦਰਸਾਉਂਦਾ ਹੈ ਕਿ ਇਸ ਨੇ ਉਸ ਸਮੇਂ ਲੱਖਾਂ ਮੁਲਾਜ਼ਮਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਸ ਨੋਟੀਫਿਕੇਸ਼ਨ ਨੂੰ ਉਸ ਸਮੇਂ ਕੁਝ ਰਾਜਾਂ ਦੀਆਂ ਚੋਣਾਂ ਵਿੱਚ ਵੋਟਾਂ ਵਟੋਰਨ ਲਈ ਵਰਤਿਆ। ਆਮ ਆਦਮੀ ਪਾਰਟੀ ਪੰਜਾਬ ਤੋਂ ਬਾਹਰ ਇਹ ਝੂਠ ਫੈਲਾਅ ਕੇ ਲੋਕਾਂ ਨੂੰ ਗੁੰਮਰਾਹ ਵੀ ਕਰ ਰਹੀ ਹੈ ਕਿ ਇਸ ਨੇ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਗਵੀਰਨ ਕੌਰ ਨੇ ਕੀਤਾ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ  ਸੁਖਵਿੰਦਰ ਸਿੰਘ ਘੋਲੀਆਂ ਅਤੇ ਮੀਤ ਪ੍ਰਧਾਨ ਸਵਰਨਦਾਸ  ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਝੋਰੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਰਵਈਏ ਤੋਂ ਨਹੀਂ ਲਗਦਾ ਕਿ ਪੰਜਾਬ ਸਰਕਾਰ ਦਾ ਨੇੜਲੇ ਭਵਿੱਖ ਵਿੱਚ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕੋਈ ਇਰਾਦਾ ਹੈ। ਸਰਕਾਰ ਮੁਲਾਜ਼ਮਾਂ ਨੂੰ ਮੀਟਿੰਗਾਂ ਦੇ ਕੇ ਭੱਜ ਰਹੀ ਹੈ। ਇਸ ਤੋਂ ਪੰਜਾਬ ਦੇ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਕਾਫ਼ੀ ਨਾਰਾਜ਼ਗੀ ਹੈ ਜੋ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ। ਜ਼ਿਲ੍ਹਾ ਜਥੇਬੰਦਕ ਸਕੱਤਰ ਅਮਨਦੀਪ ਮਾਛੀਕੇ , ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਦੀ ਨੀਤ ਸਾਫ ਸੀ ਉਹਨਾਂ ਨੇ ਬਾਅਦ ਵਿੱਚ ਸੱਤਾ ਵਿੱਚ ਆ ਕੇ ਵੀ ਪੰਜਾਬ ਸਰਕਾਰ ਨਾਲੋਂ ਪਹਿਲਾਂ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਚਰਿੱਤਰ ਨੂੰ ਨੰਗਾ ਕਰਨ ਲਈ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦੁਆਰਾ 25 ਫਰਵਰੀ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਕੀਤੀ ਜਾ ਰਹੀ ਰੈਲੀ ਵਿੱਚ ਪੰਜਾਬ ਭਰ ਵਿੱਚੋਂ ਆਪਣੇ ਕਾਡਰ ਸਮੇਤ ਪੂਰੀ ਤਾਕਤ ਨਾਲ ਸ਼ਮੂਲੀਅਤ ਕਰਨਗੇ ਅਤੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੀ ਅਵਾਜ਼ ਮੁੱਖ ਮੰਤਰੀ ਦੇ ਕੰਨਾਂ ਤੱਕ ਪਹੁੰਚਾਉਣਗੇ।

Post a Comment

0 Comments