ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ 7 ਦੇ ਮੁਹੱਲਾ ਨਿਵਾਸੀਆਂ ਵਲੋਂ ਮਾਰਕੀਟ ਕਮੇਟੀ ਦੀ ਜਗਾ ਵਿਚੋਂ ਗਲੀ ਕੱਢਣ ਨੂੰ ਲੈਕੇ ਮਾਮਲਾ ਹੋਇਆ ਗਰਮ

 ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ 7 ਦੇ ਮੁਹੱਲਾ ਨਿਵਾਸੀਆਂ ਵਲੋਂ ਮਾਰਕੀਟ ਕਮੇਟੀ ਦੀ ਜਗਾ ਵਿਚੋਂ ਗਲੀ ਕੱਢਣ ਨੂੰ ਲੈਕੇ ਮਾਮਲਾ ਹੋਇਆ ਗਰਮ 

ਆਪ ਦੇ ਕਾਰਕੁੰਨਾਂ ਵਲੋਂ ਉਦਘਾਟਨ ਕਰਨ ਉਪਰੰਤ ਹੁਣ ਅਕਾਲੀ ਦਲ ਦੇ ਐੱਮ ਸੀ ਵਲੋਂ ਟਾਈਲ ਲੈ ਕੀਤਾ ਉਦਘਾਟਨ 

ਮੰਡੀ ਬੋਰਡ ਦੇ ਸੈਕਟਰੀ ਨੇ ਮੌਕੇ ਤੇ ਜਾ ਕੇ ਕਿਹਾ ਮਾਰਕੀਟ ਕਮੇਟੀ ਦੀ ਜਗਾ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ 


ਬਰਨਾਲਾ,15,ਫਰਵਰੀ/ਕਰਨਪ੍ਰੀਤ ਕਰਨ
 ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ 7 ਦੀ ਇੱਕ ਗਲੀ ਪੱਕੀ ਕਰਨ ਦਾ ਮਾਮਲਾ ਤੂਲ ਫੜ ਚੁੱਕਿਆ ਹੈ । ਸੱਤਾਧਾਰੀ ਪਾਰਟੀ ਦੇ ਇੱਕ ਸਥਾਨਕ ਆਗੂ ਨੇ ਇੰਟਰਲਾਕ ਦੀਆਂ ਇੱਟਾਂ 'ਤੇ ਲੱਡੂਆਂ ਦਾ ਜੋੜਾ ਰੱਖ ਕੇ ਸਾਰੀ ਗਲੀ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕਰ ਦਿੱਤਾ ਪ੍ਰੰਤੂ ਦੂਜੇ ਪਾਸੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਲੱਡੂਆਂ ਦੇ ਜੋੜੇ ਵਾਲੀ ਜਗ੍ਹਾ 'ਤੇ ਆਪਣਾ ਦਾਅਵਾ ਠੋਕ ਦਿੱਤਾ। ਦਰਅਸਲ ਵਾਰਡ ਨੰਬਰ 7 ਦੇ ਗੁਰੂ ਨਾਨਕ ਨਗਰ (ਬਾਜ਼ੀਗਰ ਬਸਤੀ) ਦੀ ਮੁੱਖ ਗਲੀ ਦੇ ਸਿਰੇ 'ਤੇ ਸਕੂਲ ਕੋਲ ਕਰੀਬ 30 ਕੁ ਫੁੱਟ ਦਾ ਟੋਟਾ ਕਾਫੀ ਸਮੇਂ ਤੋਂ ਮਾਰਕੀਟ ਕਮੇਟੀ ਵਲੋਂ ਛੱਡੇ ਰਸਤੇ ਨੂੰ ਬਸਤੀ ਦੇ ਲੋਕ ਲੰਘਣ ਲਈ ਪਿਛਲੇ ਲੰਬੇ ਸਮੇਂ ਤੋਂ ਵਰਤਦੇ ਆ ਰਹੇ ਹਨ। ਇਸ ਟੋਟੇ ਨੂੰ ਪੁਰਾਣੇ ਗਲੀ ਨਾਲ ਮਿਲਾਉਣ ਦੀ ਖਾਤਰ ਸੱਤਾਧਾਰੀ ਆਗੂਆਂ ਨੇ ਲੱਡੂ ਵੰਡ ਕੇ ਇੰਟਰਲਾਕ ਟਾਈਲਾਂ ਦਾ ਲਗਾਉਣ ਦਾ ਉਦਘਾਟਨ ਕਰ ਦਿੱਤਾ।
                                                                   ਜਦੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਭਿਣਕ ਪਈ ਤਾਂ ਮੌਕੇ 'ਤੇ ਪੁੱਜ ਕੇ ਮਾਰਕੀਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਨੇ ਇੰਟਰਲਾਕ ਟਾਈਲਾਂ ਲਗਾ ਰਹੇ ਵਿਅਕਤੀਆਂ ਨੂੰ ਵਰਜ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਜਗ੍ਹਾ 'ਤੇ ਇੰਟਰਲਾਕ ਟਾਈਲਾਂ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦ ਇੰਟਰਲਾਕ ਟਾਈਲਾਂ ਲਗਾ ਕੇ ਉਦਘਾਟਨ ਕਰਨ ਵਾਲੇ "ਆਪ" ਦੇ ਬਲਾਕ ਪ੍ਰਧਾਨ ਅਮਨਦੀਪ ਗੋਇਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਦ ਜੇਈ ਨੇ ਕਿਹਾ ਸੀ ਕਿ ਇਸ ਗਲੀ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਪ੍ਰੰਤੂ ਜਦ ਜੇਈ ਸੁਭਾਸ਼ ਚੰਦ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਉੱਥੇ ਤੱਕ ਹੀ ਪ੍ਰਵਾਨਗੀ ਹੈ ਜਿੱਥੇ ਤੱਕ ਪਹਿਲਾਂ ਗਲੀ ਲਾਗੂ ਹੈ।  ਉਦਘਾਟਨ ਕਰਨ ਵਾਲੇ ਆਗੂਆਂ ਨੇ ਗਲੀ ਪੱਕੀ ਕਰਨ ਸਬੰਧੀ ਕੈਬਨਿਟ ਮੰਤਰੀ ਮੀਤ ਹੇਅਰ ਦਾ ਧੰਨਵਾਦ ਕਰਦਾ ਹੋਇਆ ਇੱਕ ਫਲੈਕਸ ਬੋਰਡ ਵੀ ਲਗਾ ਦਿੱਤਾ ਜਿਸ ਉੱਪਰ ਸਾਫ਼-ਸਾਫ਼ ਲਿਖਿਆ ਹੈ ਕਿ "ਲੰਮੇ ਸਮੇਂ ਤੋਂ ਰੁਕਿਆ ਗਲੀ ਦਾ ਕੰਮ ਸ਼ੁਰੂ ਕਰਵਾਉਣ `ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ".
            ਇਸ ਮਾਮਲੇ ਸਬੰਧੀ ਬਸਤੀ ਦੇ ਹੀ ਕੁਝ ਲੋਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਅਸਲ ਵਿੱਚ ਕੈਬਨਿਟ ਮੰਤਰੀ ਦਾ ਨਾਮ ਵਰਤ ਕੇ ਮੰਡੀ ਬੋਰਡ ਦੀ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ 'ਤੇ ਹਾਜ਼ਰ ਇੱਕ ਵਿਅਕਤੀ ਨੇ ਇਹ ਵੀ ਕਿਹਾ ਕਿ "ਹੋ ਸਕਦਾ ਕਿਸੇ ਨੇ ਇਸ਼ਾਰਾ ਕਰਤਾ ਹੋਵੇ...ਸਰਕਾਰ ਆ ਭਾਈ ਅਗਲੇ ਦੀ..." ! ਦੂਜੇ ਪਾਸੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਆਪਣੀ ਮਾਲਕੀ ਵਾਲੀ ਜਗ੍ਹਾ 'ਤੇ ਇੱਕ ਵੀ ਇੰਟਰਲਾਕ ਦੀ ਟਾਇਲ ਲਗਾਉਣ 'ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।ਇਸ ਗਲੀ ਨੂੰ ਮੁੱਖ ਸੜਕ ਤੱਕ ਜੋੜਨ ਲਈ ਕਈ ਵਰ੍ਹਿਆਂ ਤੋਂ ਅੜਿਆ ਗੱਡਾ ਸੱਤਾ ਦੇ ਜ਼ੋਰ `ਤੇ ਕੱਢਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਹ ਗੱਡਾ ਮੰਡੀ ਬੋਰਡ ਦੇ ਕਾਨੂੰਨੀ ਟੋਇਆ `ਚ ਫੇਰ ਫਸ ਗਿਆ। ਬਸਤੀ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਬਸਤੀ ਦੀ ਮੇਨ ਗਲੀ ਦੇ ਨਾਲ ਇਹ 30 ਕੁ ਫੁੱਟ ਦਾ ਟੋਟਾ ਜੁੜਨਾ ਚਾਹੀਦਾ ਹੈ ਪ੍ਰੰਤੂ ਕਿਸੇ ਵੀ ਪਾਰਟੀ ਦੇ ਲੀਡਰ ਨੇ ਕਦੇ ਵੀ ਇਸ ਸਬੰਧੀ ਬਣਦੀ ਜ਼ਰੂਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਵੱਲ ਧਿਆਨ ਨਹੀਂ ਦਿੱਤਾ। ਤਾਜ਼ਾ ਇਹ ਵੀ ਪਤਾ ਲੱਗਿਆ ਹੈ ਕਿ ਹੁਣ ਅਕਾਲੀ ਦਲ ਧੜੇ ਦੇ ਐੱਮ ਸੀ ਵਲੋਂ ਟਾਈਲ ਲਾ ਉਦਘਾਟਨ ਕਰ ਦਿੱਤਾ ਕਿ ਲੋਕਾਂ ਦੀ ਸਹੂਲਤ ਲਈ ਗਲੀ ਜੁੜਣੀ ਚਾਹੀਦੀ ਹੈ !

Post a Comment

0 Comments