ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਸਿਹਤ ਵਿਭਾਗ ਨੇ ਲਗਾਇਆ ਜੱਚਾ-ਬੱਚਾ ਜਾਂਚ ਕੈਂਪ

 ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਸਿਹਤ ਵਿਭਾਗ ਨੇ ਲਗਾਇਆ ਜੱਚਾ-ਬੱਚਾ ਜਾਂਚ ਕੈਂਪ


ਮਾਨਸਾ, 10 ਫਰਵਰੀ : ਗੁਰਜੰਟ ਸਿੰਘ ਬਾਜੇਵਾਲੀਆ
ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਸਿਵਲ ਹਸਪਤਾਲ (ਐਮ.ਸੀ.ਐਚ.) ਮਾਨਸਾ ਵਿਖੇ ਗਰਭਵਤੀ ਔਰਤਾਂ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਏ ਨੇ ਦੱਸਿਆ ਕਿ ਕੈਂਪ ਵਿੱਚ ਡਾ. ਜੋਤੀ ਸ਼ਾਰਦਾ ਐਮ.ਡੀ.(ਔਰਤ ਰੋਗਾਂ ਦੇ ਮਾਹਿਰ) ਵੱਲੋਂ ਗਰਭਵਤੀ ਔਰਤਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਅਤੇ ਲੋੜੀਂਦੇ ਟੈਸਟ ਵੀ ਮੌਕੇ ’ਤੇ ਕੀਤੇ ਗਏ। ਉਨ੍ਹਾਂ ਗਰਭਵਤੀ ਔਰਤਾਂ ਨੂੰ ਚੰਗਾ ਪੌਸ਼ਟਿਕ ਭੋਜਨ ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲ, ਗੁੜ੍ਹ, ਚਣੇ, ਦੁੱਧ, ਦਹੀਂ, ਜੂਸ ਆਦਿ ਘਰੇਲੂ ਚੀਜਾਂ ਦਾ ਸੇਵਨ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਸਮੇਂ-ਸਮੇਂ ’ਤੇ ਮਾਹਿਰ ਡਾਕਟਰ ਦੀ ਸਲਾਹ ਨਾਲ ਜਾਂਚ ਕਰਵਾਉਣ ਲਈ ਸਮਝਾਇਆ ਗਿਆ, ਤਾਂ ਜੋ ਕਿਸੇ ਵੀ ਤਕਲੀਫ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੁਆਰਾ 10  ਅਤੇ 16 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀ.ਡੀ.ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀ. ਡੀ. ਵੈਕਸੀਨ ਸਿਹਤ ਵਿਭਾਗ ਵੱਲੋਂ ਫਰਵਰੀ ਮਹੀਨੇ ਤੱਕ ਕਮਪੇਨ ਮੋਡ ਵਿੱਚ ਸਿਹਤ ਸੰਸਥਾਵਾਂ ਅਤੇ ਸਕੂਲਾਂ ਵਿੱਚ ਜਾ ਕੇ 10 ਤੇ 16 ਸਾਲ ਦੀ ਉਮਰ ਵਾਲੇ ਬੱਚਿਆਂ ਦੇ ਲਗਾਈ ਜਾਵੇਗੀ। ਇਹ ਵੈਕਸੀਨ ਬੱਚਿਆਂ ਨੂੰ ਟੈਟਨਸ ਅਤੇ ਡੈਪਥੀਰੀਆ ਤੋਂ ਬਚਾਉਂਦੀ ਹੈ।

        ਕੈਂਪ ਦੌਰਾਨ ਵਿਜੈ ਕੁਮਾਰ ਅਤੇ ਦਰਸਨ ਸਿੰਘ ਨੇ ਦੱਸਿਆ ਕਿ ਟੀ.ਡੀ. ਵੈਕਸੀਨ ਸਬੰਧੀ ਲੋਕਾਂ ਨੂੰ ਐਜੂਕੇਸ਼ਨ ਕੈਂਪ ਲਗਾ ਕੇ ਗਰੁੱਪ ਮੀਟਿੰਗਾਂ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਯੋਗ ਬੱਚਾ ਇਸ ਵੈਕਸੀਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਨਰਸਿੰਗ ਸਟਾਫ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

Post a Comment

0 Comments