ਸਪੀਕਰ ਸੰਧਵਾਂ ਨੇ ਗਾਂਧੀ ਮੈਮੋਰੀਅਲ ਹਾਈ ਸਕੂਲ ਕੋਟਕਪੂਰਾ ਨੂੰ 10 ਲੱਖ ਰੁਪਏ ਦਾ ਚੈਕ ਭੇਂਟ ਕੀਤਾ

ਸਪੀਕਰ ਸੰਧਵਾਂ ਨੇ ਗਾਂਧੀ ਮੈਮੋਰੀਅਲ ਹਾਈ ਸਕੂਲ ਕੋਟਕਪੂਰਾ ਨੂੰ 10 ਲੱਖ ਰੁਪਏ ਦਾ ਚੈਕ ਭੇਂਟ ਕੀਤਾ


ਕੋਟਕਪੂਰਾ, 10 ਮਾਰਚ ਪੰਜਾਬ ਇੰਡੀਆ ਨਿਊਜ਼ :
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਗਾਂਧੀ ਮੈਮੋਰੀਅਲ ਹਾਈ ਸਕੂਲ ਕੋਟਕਪੂਰਾ ਵਿਖੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਗਾਂਧੀ ਮੈਮੋਰੀਅਲ ਹਾਈ ਸਕੂਲ ਬਹੁਤ ਪੁਰਾਣਾ ਅਤੇ ਬੜਾ ਨਾਮੀ ਸਕੂਲ ਹੈ। ਵੱਡੀਆਂ-ਵੱਡੀਆਂ ਨਾਮੀ ਸ਼ਖਸ਼ੀਅਤਾਂ ਇਥੇ ਪੜ੍ਹਕੇ ਗਈਆਂ ਹਨ, ਉਨ੍ਹਾਂ ਉੱਚ ਅਹੁਦੇ ਪ੍ਰਾਪਤ ਕੀਤੇ ਹਨ। ਉਹਨਾਂ ਸਕੂਲ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ।

ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਹਨ, ਉਹ ਸਾਡੇ ਸਮਾਜ ਅਤੇ ਪੰਜਾਬ ਦਾ ਸ਼ੀਸ਼ਾ ਹਨ। ਉਹਨਾਂ ਕਿਹਾ ਕਿ  ਜੇਕਰ ਹਸਪਤਾਲ ਠੀਕ ਹਨ ਤਾਂ ਸਾਡਾ ਸਮਾਜ ਤੰਦਰੁਸਤ ਹੈ। ਜੇਕਰ ਸਾਡੇ ਸਕੂਲ ਵਧੀਆ ਹਨ ਤਾਂ ਸਾਡਾ ਸਮਾਜ ਤਰੱਕੀ ਕਰ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਾਡੇ ਸਕੂਲਾਂ ਵਿਚ ਪੰਜਾਬੀ ਜੋ ਕਿ ਸਾਡੀ ਮਾਂ ਬੋਲੀ ਹੈ ਅਤੇ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਇਨ੍ਹਾਂ ਨੂੰ ਪੜ੍ਹਾਉਣਾ ਚਾਹੀਦਾ ਹੈ,  ਇਨ੍ਹਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਆਪਣੀ ਸੰਸਕ੍ਰਿਤੀ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜਨਾ ਹੈ ਤਾਂ ਉਸ ਦੇ ਲਈ ਬੱਚਿਆਂ ਨੂੰ ਸੰਸਕ੍ਰਿਤੀ ਦੀ ਸਿਖਲਾਈ ਜਰੂਰ ਦਿਵਾਉਣੀ ਚਾਹੀਦੀ ਹੈ। 

ਇਸ ਉਪਰੰਤ ਸਪੀਕਰ ਸੰਧਵਾਂ ਨੇ ਸਕੂਲ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਅਧਿਆਪਕਾਂ ਸਮੇਤ ਸਮੁੱਚੇ ਸਟਾਫ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਦੁਹਰਾਇਆ ਕਿ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਸੋਚ ਮੁਤਾਬਕ ਪੰਜਾਬ ਵਾਸੀਆਂ ਨੂੰ ਵਧੀਆ ਤੇ ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।

 ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਜੋ ਪੰਜਾਬ ਨੂੰ ਲੈ ਕੇ ਸੋਚ ਹੈ, ਉਸ ਸੋਚ ਨੂੰ ਅਸਲੀ ਜਾਮਾ  ਪਹਿਨਾਇਆ ਜਾ ਰਿਹਾ ਹੈ ਅਤੇ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।  

ਇਸ ਮੌਕੇ ਸੇਵਕ ਸਿੰਘ ਜਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਗਿੱਲ ਬਲਾਕ ਪ੍ਰਧਾਨ, ਰਾਜਵਿੰਦਰ ਸਿੰਘ ਖੋਸਾ ਸੂਬਾ ਸਕੱਤਰ, ਗੱਜਣ ਸਿੰਘ ਖਾਲਸਾ, ਪੈਕਾ ਸਿੰਘ ਬਰਾੜ, ਜੀਤਾ ਸਿੰਘ ਖਾਲਸਾ, ਮਨਦੀਪ ਮੌਂਗਾ ਅਤੇ ਹਰਦੀਪ ਸਿੰਘ ਮਾਸਟਰ ਆਦਿ ਵੀ ਹਾਜਰ ਸਨ।


Post a Comment

0 Comments