ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਵਲੋਂ ਲੋਕ ਸਭਾ ਚੋਣਾਂ 2024 ਲਈ ਸਖਤ ਨਿਰਦੇਸ਼

 ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਵਲੋਂ ਲੋਕ ਸਭਾ ਚੋਣਾਂ 2024 ਲਈ ਸਖਤ ਨਿਰਦੇਸ਼ 

-ਚੋਣ ਜ਼ਾਬਤੇ ਦੀ ਉਲੰਘਣਾ ਉਤੇ ਹੋਵੇਗੀ ਸਖ਼ਤ ਕਾਰਵਾਈ, ਲੋਕ ਸੀ-ਵਿਜਿਲ ਐੱਪ ਉੱਤੇ ਕਰਵਾਉਣ ਸ਼ਿਕਾਇਤ ਦਰਜ

-ਅਸਲਾ ਧਾਰਕ ਆਪਣਾ ਅਸਲਾ ਜਮ੍ਹਾਂ ਕਰਾਉਣ


ਬਰਨਾਲਾ,18,ਮਾਰਚ(ਕਰਨਪ੍ਰੀਤ ਕਰਨ)-
ਭਾਰਤੀ ਚੋਣ ਕਮਿਸ਼ਨ ਅਨੁਸਾਰ ਲੋਕ ਸਭ ਚੋਣਾਂ 2024 ਤਹਿਤ ਪੰਜਾਬ 'ਚ ਮਤਦਾਨ 1 ਜੂਨ ਨੂੰ ਕਰਵਾਇਆ ਜਾਵੇਗਾ ਅਤੇ ਇਸ ਲਈ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ 7 ਮਈ ਤੱਕ ਭਰ ਸਕਦੇ ਹਨ।ਇਹ ਜਾਣਕਾਰੀ ਪ੍ਰੈਸ ਵਾਰਤਾ 'ਚ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਲੋਕ ਸਭਾ ਚੋਣਾਂ 2024 ਲਈ ਸਖਤ ਨਿਰਦੇਸ਼ ਦਿੰਦਿਆਂ ਕਿਹਾ ਕਿ ਚੋਣਾਂ ਨੂੰ ਨਿਰਪੱਖ ਅਤੇ ਨਿਰ-ਭੈਅ ਬਣਾਉਣ ਅਤੇ ਵੋਟਰਾਂ ਨੂੰ ਧਮਕਾਉਣ/ਪ੍ਰਭਾਵਿਤ ਕਰਨ ਦੇ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਤੌਰ-ਤਰੀਕੇ ਅਪਨਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ।

       ਉਨ੍ਹਾਂ ਆਖਿਆ ਕਿ 7 ਮਈ ਤੋਂ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਵਾਪਸੀ 17 ਮਈ ਤੱਕ ਹੋ ਸਕੇਗੀ। ਮਤਦਾਨ 1 ਜੂਨ 2024 ਨੂੰ ਹੋਵੇਗਾ ਅਤੇ ਗਿਣਤੀ 4 ਜੂਨ, 2024 ਨੂੰ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣ ਜ਼ਾਬਤੇ ਦੌਰਾਨ ਨਵੇਂ ਵਿਕਾਸ ਜਾਂ ਉਸਾਰੀ ਦੇ ਕੰਮ ਸ਼ੁਰੂ ਨਹੀਂ ਕੀਤੇ ਜਾ ਸਕਦੇ ਪਰੰਤੂ ਪੁਰਾਣੇ ਕੀਤਾ ਜਾ ਰਹੇ ਕੰਮ ਲਗਾਤਾਰਤਾ 'ਚ ਚੱਲਣਗੇ। ਸਰਕਾਰੀ ਕੰਮਾਂ ਦੇ ਵੇਰਵੇ ਲੜੀ ਬੱਧ ਕਰਕੇ ਲਿਸਟਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ। ਵੱਖ ਵੱਖ ਨਿਗਰਾਨੀ ਟੀਮਾਂ ਗਈਆਂ ਹਨ ਚੋਣ ਗਤੀਵਿਧੀਆਂ ਦੀਆਂ ਨਜ਼ਰਸਾਨੀ ਕਰਨਗੀਆਂ।

          ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 487824 ਵੋਟਰ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ 258989 ਮਰਦ, 228819 ਮਹਿਲਾ ਵੋਟਰ ਅਤੇ 16 ਤੀਜੇ ਲਿੰਗ ਦੇ ਵੋਟਰ ਦਰਜ ਹਨ। ਜ਼ਿਲ੍ਹਾ ਬਰਨਾਲਾ 'ਚ ਕੁਲ 2355 ਸਰਵਿਸ ਵੋਟਰਾਂ ਦੀ ਗਿਣਤੀ ਹੈ। ਇਸ ਵਾਰ ਪੋਲਿੰਗ ਸਟੇਸ਼ਨਾਂ ਦੀ ਗਿਣਤੀ 558 ਹੈ ਜਦਕਿ 271 ਪੋਲਿੰਗ ਲੋਕੇਸ਼ਨਾਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨਾਲ ਤਾਲਮੇਲ ਕਰਕੇ ਜ਼ਿਲ੍ਹਾ ਬਰਨਾਲਾ 'ਚ ਕੁੱਲ 73 ਵਲਨਰੇਬਲ  ਅਤੇ 73 ਕ੍ਰਿਟੀਕਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਕੁੱਲ 3304 ਵੋਟਰ ਜ਼ਿਲ੍ਹੇ 'ਚ ਹਨ ਜਿਹਨਾਂ ਲਈ ਹਰ ਇਕ ਹਲਕੇ 'ਚ 1 - 1  ਪੋਲਿੰਗ ਸਟੇਸ਼ਨ ਵਿਸ਼ੇਸ਼ ਤੌਰ 'ਤੇ ਬਣਾਏ ਗਏ ਹਨ। ਇਸ ਤਰ੍ਹਾਂ  ਜ਼ਿਲ੍ਹੇ 'ਚ ਕੁੱਲ 31 ਮਾਡਲ ਪੋਲਿੰਗ ਸਟੇਸ਼ਨ, 3 ਪਿੰਕ ਬੂਥ ਮਹਿਲਾਵਾਂ ਲਈ ਅਤੇ 3 ਪੋਲਿੰਗ ਸਟੇਸ਼ਨ ਨੌਜਵਾਨਾਂ ਵੱਲੋਂ ਸੰਭਾਲੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪ੍ਰਿਤਾ ਜੋਹਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀਮਤੀ ਮੇਘਾ ਮਾਨ, ਚੋਣ ਤਹਿਸੀਲਦਾਰ ਰਾਮਜੀ ਲਾਲ, ਮੀਡੀਆ ਦੇ ਨੁਮਾਇੰਦੇ ਅਤੇ ਹੋਰ ਲੋਕ ਹਾਜ਼ਰ ਸਨ।

ਚੋਣਾਂ ਦੀ ਸ਼ਿਕਾਇਤਾਂ 01679 -244333, 1950 ਉੱਤੇ ਕੀਤੀਆਂ ਜਾ ਸਕਦੀਆਂ ਹਨ ਅਸਲਾ ਧਾਰਕ ਆਪਣਾ ਅਸਲਾ ਨਜ਼ਦੀਕੀ ਥਾਣੇ 'ਚ ਅਗਲੇ 7 ਦਿਨਾਂ 'ਚ ਜਮ੍ਹਾਂ ਕਰਵਾਉਣ, ਜਮ੍ਹਾਂ ਨਾ ਕਰਵਾਉਣ ਵਾਲੇ ਖਿਲਾਫ ਕੀਤੀ ਜਾਵੇਗੀ ਕਾਰਵਾਈ

ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਸਾਰੇ ਅਸਲਾ ਲਾਇਸੈਂਸ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਸਲੇ ਨਜ਼ਦੀਕੀ ਥਾਣੇ ਜਾਂ ਪੁਲਿਸ ਚੌਂਕੀ ਵਿਚ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ  ਵਿਸ਼ੇਸ਼ ਕਮੇਟੀ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਐੱਸ. ਪੀ. (ਹੈਡ ਕੁਆਰਟਰ) ਬਰਨਾਲਾ ਦੀ ਨਿਗਰਾਨੀ ਹੇਠ ਬਣਾਈ ਗਈ ਹੈ ਜਿਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਹਰ ਪ੍ਰਕਾਰ ਦਾ ਅਸਲ ਧਾਰਕ ਆਪਣਾ ਅਸਲਾ ਜਮ੍ਹਾਂ ਕਰਵਾਏਗਾ।

Post a Comment

0 Comments