ਡਾ.ਸੁਰਜੀਤ ਪਾਤਰ ਵੱਲ੍ਹੋਂ ਡਾ.ਸੰਦੀਪ ਘੰਡ ਦਾ ਸਫ਼ਰਨਾਮਾ "ਸੁਪਨਿਆਂ ਦੀ ਧਰਤੀ ਕਨੇਡਾ" ਰਿਲੀਜ਼

ਡਾ.ਸੁਰਜੀਤ ਪਾਤਰ ਵੱਲ੍ਹੋਂ ਡਾ.ਸੰਦੀਪ ਘੰਡ ਦਾ ਸਫ਼ਰਨਾਮਾ "ਸੁਪਨਿਆਂ ਦੀ ਧਰਤੀ ਕਨੇਡਾ" ਰਿਲੀਜ਼ 

ਨੌਜਵਾਨਾਂ ਲਈ ਮਹੱਤਵਪੂਰਨ ਦਸਤਾਵੇਜ਼ -ਡਾ.ਯੋਗਰਾਜ,ਡਾ ਬਲਜੀਤ ਕੌਰ


ਬੁਢਲਾਡਾ, ਚੰਡੀਗੜ੍ਹ (ਦਵਿੰਦਰ ਸਿੰਘ ਕੋਹਲੀ)
ਪੰਜਾਬ ਕਲਾ ਪਰੀਸ਼ਦ ਦੇ ਚੇਅਰਮੈਨ ਅਤੇ ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਪਾਤਰ ਨੇ ਸਥਾਨਕ ਕਲਾ ਭਵਨ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਾਬਕਾ ਅਧਿਕਾਰੀ ਡਾ.ਸੰਦੀਪ ਘੰਡ ਦਾ ਸਫ਼ਰਨਾਮਾ "ਸੁਪਨਿਆਂ ਦੀ ਧਰਤੀ ਕਨੇਡਾ" ਰਿਲੀਜ਼ ਕਰਦਿਆਂ ਕਿਹਾ ਕਿ ਸਫ਼ਰਨਾਮਾ ਸਾਹਿਤ ਦੀ ਇਕ ਮਹੱਤਵਪੂਰਨ ਸਿਰਜਨ ਪ੍ਰਕਿਰਿਆ ਹੈ,ਜਿਸ ਵਿੱਚ ਲੇਖਕ ਕਿਸੇ ਦੇਸ਼ ਦੀ ਯਾਤਰਾ ਦੌਰਾਨ ਆਪਣੇ ਅਨੁਭਵਾਂ ਅਤੇ ਉਥੋਂ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ, ਸਭਿਆਚਾਰਕ ਪ੍ਰਸਥਿਤੀਆਂ ਦਾ ਸਾਹਿਤਕ ਰੂਪ ਵਿੱਚ ਗਿਆਨ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਡੀ ਨੌਜਵਾਨ ਪੀੜ੍ਹੀ ਦਾ ਰੁਝਾਨ ਸਭ ਤੋਂ ਵੱਧ ਕਨੇਡਾ ਵੱਲ ਹੈ, ਤਾਂ ਉਥੋਂ ਦੀਆਂ ਵਰਤਮਾਨ ਪ੍ਰਸਥਿਤੀਆਂ ਬਾਰੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਣੂ ਕਰਵਾਉਣਾ ਹੋਰ ਵੀ ਮਹੱਤਵਪੂਰਨ ਹੈ।

             ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਯੋਗਰਾਜ ਅਤੇ ਫਰੈਂਚ ਭਾਸ਼ਾ ਦੇ ਸਹਾਇਕ ਪ੍ਰੋਫ਼ੈਸਰ ਡਾ.ਬਲਜੀਤ ਕੌਰ ਨੇ ਡਾ.ਸੰਦੀਪ ਘੰਡ ਦੇ ਪਹਿਲੇ ਸਫ਼ਰਨਾਮਾ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਮਹੱਤਵਪੂਰਨ ਲਿਖਤ ਸਭਨਾਂ ਵਰਗਾਂ ਲਈ ਦਿਲਚਸਪ ਅਤੇ ਜਾਣਕਾਰੀ ਭਰਪੂਰ ਰਹੇਗੀ।

     "ਸੁਪਨਿਆਂ ਦੀ ਧਰਤੀ ਕਨੇਡਾ" ਸਫ਼ਰਨਾਮਾ ਦੇ ਲੇਖਕ ਡਾ.ਸੰਦੀਪ ਘੰਡ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਆਪਣੀ ਕਨੇਡਾ ਯਾਤਰਾ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਨੇ ਕਿਸੇ ਲਿਖਤ ਬਾਰੇ ਸੋਚਿਆ ਨਹੀਂ ਸੀ,ਪਰ ਜਿਵੇਂ ਜਿਵੇਂ ਮੈ ਆਪਣੀ ਯਾਤਰਾ ਕਰਦਾ ਗਿਆ ਇਸ ਨੂੰ ਕਲਮਬੱਧ ਕਰਨ ਹਿੱਤ ਮੇਰੀ ਦਿਲਚਸਪੀ ਵਧਦੀ ਗਈ। ਉਨ੍ਹਾਂ  ਕਿਹਾ ਕਿ ਸਫ਼ਰ ਦੋਰਾਨ ਮੈਨੂੰ ਕਈ ਅਜਿਹੇ ਮਹੱਤਵਪੂਰਨ ਸਥਾਨ ਦੇਖਣ ਦਾ ਮੌਕਾ ਮਿਲਿਆ ਜਿੰਨਾਂ ਨੂੰ ਲੰਮੇ ਸਮੇਂ ਤੋਂ ਕਨੇਡਾ ਰਹਿਣ ਵਾਲੇ ਵਿਅਕਤੀਆਂ ਨੇ ਵੀ ਨਹੀ ਦੇਖਿਆ ਸੀ,ਜਿਵੇ ਪੰਜਾਬ ਦੇ ਮਾਹਿਲਪੁਰ ਦੇ ਸਰਦਾਰ ਬੁੱਕਣ ਸਿੰਘ ਜਿੰਨਾਂ ਨੇ ਕਨੇਡਾ ਵਲੋ ਲੜਦਿਆਂ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕੀਤੀ।ਉਸ ਦੀ ਯਾਦਗਾਰ ਕਿਚਨਰ ਵਿੱਚ ਹੈ ਜਿਥੇ ਹਰ ਸਾਲ ਫੌਜ ਵੱਲ੍ਹੋਂ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਦੀ ਹੈ।ਇਸ ਤੋ ਇਲਾਵਾ ਕਿੰਗਸਟਨ ਦਾ ਹੈਨਰੀਫੋਰਟ ਜਿਥੇ ਸਾਲ ਵਿੱਚ ਦੋ ਵਾਰ ਇੰਗਲੈਂਡ ਦੀ ਫੌਜ ਵੱਲ੍ਹੋਂ ਪਰੇਡ ਕੀਤੀ ਜਾਂਦੀ ਹੈ।ਇਸ ਤੋ ਇਲਾਵਾ ਹੋਰ ਮਹੱਤਵਪੂਰਨ ਸਥਾਨ ਦੇਖਣ ਦਾ ਸਬੱਬ ਬਣਿਆ ਜਿੰਨਾਂ ਨੂੰ ਮੈ ਲਿਖਣ ਦੀ ਕੋਸ਼ਿਸ਼ ਕੀਤੀ ਹੈ।

ਡਾ.ਸੰਦੀਪ ਘੰਡ ਨੇ ਕਿਹਾ ਕਿ ਉਨ੍ਹਾਂ ਪੁੱਤਰ ਸਿਮਰਨਦੀਪ ਅਤੇ ਹਰਮਨਦੀਪ ਅਤੇ ਨੂੰਹ ਬੇਟੀ ਜਸਲੀਨ ਕੋਰ ਨੇ ਆਪਣੇ ਰੁਝੇਵਿਆਂ ਦੇ ਬਾਵਜੂਦ ਕਨੇਡਾ ਦੇ ਇਤਿਹਾਸਿਕ ਸਥਾਨਾਂ ਅਤੇ ਵਰਤਮਾਨ ਪ੍ਰਸਥਿਤੀਆਂ ਬਾਰੇ ਜਾਣੂ ਕਰਵਾਉਣ ਲਈ ਬਹੁਤ ਸਹਿਯੋਗ ਦਿੱਤਾ।ਡਾ ਘੰਡ ਨੇ ਦਸਿਆ ਸਾਰੀ ਯਾਤਰਾ ਵਿੱਚ ਮੇਰੀ ਸਾਥੀ ਅਤੇ ਜਿੰਦਗੀ ਦੀ ਹਮਸਫਰ ਡਾ ਕੁਲਦੀਪ ਕੌਰ ਘੰਡ ਵੱਲੋ ਦਿੱਤੀ ਗਈ ਹੱਲਾਸ਼ੇਰੀ ਨਾਲ ਹੀ ਇਹ ਕਿਤਾਬ ਦਾ ਰੂਪ ਲੇ ਸਕਿਆ। 

       ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਇਹ ਸਫ਼ਰਨਾਮਾ ਡਾ.ਸੰਦੀਪ ਘੰਡ ਦੀ ਪਹਿਲੀ ਕਿਤਾਬ ਹੈ,ਪਰ ਸਾਹਿਤਕ ਅਤੇ ਜਾਣਕਾਰੀ ਪੱਖੋਂ ਮਹੱਤਵਪੂਰਨ ਦਸਤਾਵੇਜ਼ ਹੈ। ਉਨ੍ਹਾਂ ਦੱਸਿਆ ਕਿ ਸਫ਼ਰਨਾਮਾ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋ ਪ੍ਰਕਾਸ਼ਿਤ ਕੀਤਾ ਗਿਆ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਸ਼ਾਇਰ ਗੁਰਪ੍ਰੀਤ ਅਤੇ ਜਗਦੀਪ ਸਿੱਧੂ ਦਾ ਵਿਸ਼ੇਸ਼ ਯੋਗਦਾਨ ਰਿਹਾ।

Post a Comment

0 Comments