ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੇ ਸੈਲਫ ਹੈਲਪ ਗਰੁੱਪ ਫੂਡ ਸੇਫਟੀ ਐਕਟ ਤਹਿਤ ਰਜਿਸਟਰੇਸ਼ਨ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰ

 ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੇ ਸੈਲਫ ਹੈਲਪ ਗਰੁੱਪ ਫੂਡ ਸੇਫਟੀ ਐਕਟ ਤਹਿਤ ਰਜਿਸਟਰੇਸ਼ਨ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰ

ਵਧੀਕ ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁੱਪ ਅਤੇ ਖੇਤੀ ਲਈ ਖਾਦ ਪਦਾਰਥ ਤਿਆਰ ਕਰਨ ਵਾਲੀਆਂ ਔਰਤਾਂ ਨਾਲ ਕੀਤੀ ਮੀਟਿੰਗ


ਮਾਨਸਾ,  05 ਫਰਵਰੀ: ਗੁਰਜੰਟ ਸਿੰਘ ਬਾਜੇਵਾਲੀਆ
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਆਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਨੇ ਫੂਡ ਸੇਫਟੀ ਐਕਟ ਸਬੰਧੀ ਸੈਲਫ ਹੈਲਪ ਗਰੁੱਪ ਅਤੇ ਖੇਤੀ ਲਈ ਖਾਦ ਪਦਾਰਥ ਤਿਆਰ ਕਰਨ ਵਾਲੀਆਂ ਔਰਤਾਂ ਨਾਲ ਮੀਟਿੰਗ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜੋ ਵੀ ਫੂਡ ਵਿਕਰੇਤਾ ਜਾਂ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਦਾ ਹੈ ਜਾਂ ਵੇਚਦਾ ਹੈ ਜਿਵੇਂ ਕਿ ਸੈਲਫ ਹੈਲਪ ਗਰੁੱਪ ਅਤੇ ਕ੍ਰਿਸ਼ੀ ਸਖੀ ਗਰੁੱਪ ਜੋ ਵੀ ਖਾਣ ਪੀਣ ਦੀਆਂ ਵਸਤਾਂ ਅਤੇ ਖੇਤੀ ਖਾਦ ਪਦਾਰਥ ਤਿਆਰ ਕਰਦੇ ਹਨ ਜਿਵੇਂ ਕਿ ਅਚਾਰ, ਸਰ੍ਹੋਂ ਦਾ ਤੇਲ, ਮਿਰਚ ਮਸਾਲੇ ਆਦਿ ਜਿੰਨ੍ਹਾਂ ਦੀ ਸਲਾਨਾ ਟਰਨਓਵਰ 12 ਲੱਖ ਤੋਂ ਘੱਟ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਅਤੇ ਜਿੰਨ੍ਹਾਂ ਦੀ ਟਰਨਓਵਰ 12 ਲੱਖ ਤੋਂ ਵੱਧ ਹੈ ਉਨ੍ਹਾਂ ਨੂੰ ਲਾਇਸੰਸ ਲੈਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲਾਇਸੰਸ ਆਨਲਾਈਨ ਪੋਰਟਲ foscos.fssai.gov.in ’ਤੇ ਅਪਲਾਈ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਬਿਨਾਂ ਲਾਇਸੰਸ/ਰਜਿਸਟਰੇਸ਼ਨ ਤੋਂ ਕੰਮ ਕਰਨ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਜ਼ਿਲੇ ਦੇ ਸਮੂਹ ਫੂਡ ਵਿਕਰੇਤਾਵਾਂ ਨੂੰ ਆਪਣਾ ਲਾਇਸੰਸ/ਰਜਿਸਟਰੇਸ਼ਨ ਅਪਲਾਈ ਕਰਕੇ ਇੱਕ ਮਹੀਨੇ ਦੇ ਅੰਦਰ ਅੰਦਰ ਪ੍ਰਾਪਤ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਸਰੀਰਿਕ ਤੌਰ ’ਤੇ ਫਿਟਨੈਸ ਸਰਟੀਫਿਕੇਟ ਸਿਹਤ ਵਿਭਾਗ ਤੋਂ ਪ੍ਰਾਪਤ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਸਰਕਾਰੀ ਮੈਸ, ਕੰਟੀਨ, ਹੋਸਟਲ ’ਚ ਖਾਣਾ ਅਤੇ ਮਿਡ ਡੇਅ ਮੀਲ ਬਣਦਾ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਅਤੇ ਲਾਇਸੈਂਸ ਬਣਾਉਣ ਲਈ  ਸਾਫ ਸਫਾਈ ਯਕੀਨੀ ਬਣਾਈ ਜਾਵੇ।  

ਸਿਵਲ ਸਰਜਨ-ਕਮ-ਡੀ.ਐਚ.ਓ.  ਡਾ. ਰਣਜੀਤ ਸਿੰਘ ਰਾਏ  ਨੇ ਕਿਹਾ ਕਿ ਫੂਡ ਵਿਕਰੇਤਾਵਾਂ ਨੂੰ ਸੁਰੱਖਿਅਤ ਫੂਡ ਅਧੀਨ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਹਦਾਇਤਾ ਦੀ ਪਾਲਣਾ ਕਰਨੀ ਅਤਿ ਜਰੂਰੀ ਹੈ। ਉਨ੍ਹਾਂ ਸੈਲਫ ਹੈਲਪ ਗਰੁੱਪ ਅਤੇ ਕ੍ਰਿਸ਼ੀ ਸਖੀ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ, ਸ਼ੁੱਧ ਸਾਮਾਨ ਦੀ ਵਰਤੋਂ ਕੀਤੀ ਜਾਵੇ ਅਤੇ ਵਸਤੂਆਂ ਤਿਆਰ ਕਰਦੇ ਸਮੇਂ ਖੁਰਾਕੀ ਤੱਤ ਨਸ਼ਟ ਨਾ ਹੋਣ ਦਿੱਤੇ ਜਾਣ। ਉਨ੍ਹਾ ਕਿਹਾ ਕਿ ਸਰਕਾਰ ਵਲੋਂ ਖਾਣ ਪੀਣ ਦੀਆਂ ਵਸਤੂਆਂ ਵਿੱਚ ਲੋੜੀਂਦੇ ਖੁਰਾਕੀ ਤੱਤਾਂ ਅਤੇ ਵਿਟਾਮਿਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਫੋਰਟੀਫਾਇਡ ਫੂਡ ਮਿਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਲੋੜੀਂਦੇ ਤੱਤ ਮਿਲ ਸਕਣ। ਉਨ੍ਹਾਂ ਕਿਹਾ ਕਿ ਵਿਆਹ ਅਤੇ ਹੋਰ ਸਮਾਗਮਾਂ ਦੌਰਾਨ ਬਚਿਆ ਹੋਇਆ ਭੋਜਨ ਨਸ਼ਟ ਨਹੀਂ ਕਰਨਾ ਚਾਹੀਦਾ ਸਗੋਂ ਤੁਰੰਤ ਇਸ ਨੂੰ ਲੋੜਵੰਦਾਂ ਤੱਕ ਪਹੁੰਚਾਉਣਾ ਚਾਹੀਦਾ ਹੈ।

            ਇਸ ਮੌਕੇ ਅਮਰਿੰਦਰ ਸਿੰਘ,ਦਿਵਿਆ ਗੋਸੁਆਮੀ ਫੂਡ ਸੇਫਟੀ ਅਫਸਰ ਨੇ ਕਿਹਾ ਕਿ ਹਰ ਕਿਸਮ ਦਾ ਖਾਣਾ ਬਣਾਉਣ ਅਤੇ ਵਰਤਾਉਣ ਸਮੇਂ ਵਿਅਕਤੀ ਦਾ ਸਿਰ ਢਕਿਆ ਹੋਣਾ ਚਾਹੀਦਾ ਹੈ। ਕੰਨਾਂ, ਗਲੇ ਆਦਿ ’ਤੇ ਗਹਿਣੇ ਨਹੀਂ ਪਹਿਨਣੇ ਚਾਹੀਦੇ, ਬਾਹਰੀ ਜੇਬ ਨਹੀਂ ਰੱਖਣੀ ਚਾਹੀਦੀ, ਸਾਫ ਸੁਥਰੇ ਕੱਪੜੇ ਪਹਿਨਣੇ ਚਾਹੀਦੇ ਹਨ, ਕੜਾ ਜਾਂ ਮੁੰਦਰਾਂ ਨਹੀਂ ਪਹਿਨਣੀਆਂ ਚਾਹੀਦੀਆਂ, ਜਖਮਾਂ ਉੱਪਰ ਪੱਟੀ, ਨਹੂੰ ਕੱਟੇ ਅਤੇ ਹੱਥ ਸਾਫ ਸੁਥਰੇ ਹੋਣੇ ਚਾਹੀਦੇ ਹਨ। ਫਟੇ ਹੋਏ ਕੱਪੜੇ ਨਹੀਂ ਪਹਿਨਣੇ ਚਾਹੀਦੇ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ ਸੁਥਰੀਆਂ ਅਤੇ ਸ਼ੁੱਧ ਖਾਣ ਪੀਣ ਵਾਲੀਆਂ ਵਸਤੂਆਂ ਉਪਲੱਬਧ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ।

ਇਸ ਮੌਕੇ ਜਿਲਾ ਪੁਲਿਸ ਦੇ ਅਧਿਕਾਰੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਿਜੇ ਕੁਮਾਰ, ਉਪ ਸਮੂਹ ਸਿੱਖਿਆ ਦੇ ਸੂਚਨਾ ਅਫਸਰ ਦਰਸ਼ਨ ਸਿੰਘ, ਲਕਸ਼ਵੀਰ, ਹਾਜਰ ਸਨ।

Post a Comment

0 Comments