ਬੁਢਲਾਡਾ ਵਿਖੇ ਠੰਢ ਕਾਰਨ ਸੁੱਕੇ ਪਏ ਨਿੰਮ ਦੇ ਦਰੱਖਤ ਦੇ ਉੱਪਰ ਨਵੀਆਂ ਫੁੱਟ ਰਹੀਆਂ ਕਰੂੰਬਲਾਂ

 ਬੁਢਲਾਡਾ ਵਿਖੇ ਠੰਢ ਕਾਰਨ ਸੁੱਕੇ ਪਏ ਨਿੰਮ ਦੇ ਦਰੱਖਤ ਦੇ ਉੱਪਰ ਨਵੀਆਂ ਫੁੱਟ ਰਹੀਆਂ ਕਰੂੰਬਲਾਂ

ਲੰਮੀ ਉਡੀਕ ਤੋਂ ਬਾਅਦ ਮੁੜ ਹਰੇ ਹੋਣ ਲੱਗੇ ‘ਨਿੰਮ' ਦਰੱਖਤ ਤੋਂ


ਬੁਢਲਾਡਾ, 31 ਮਾਰਚ (ਦਵਿੰਦਰ ਸਿੰਘ ਕੋਹਲੀ)-
ਲੰਘੇ ਸਰਦੀ ਦੇ ਮੌਸਮ ਦੌਰਾਨ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਅਤੇ ਲੰਮਾ ਸਮਾਂ ਪਈ ਠੰਢ ਤੇ ਕੋਰੇ ਕਾਰਨ ਹਰੀ ਪੌਦਾ ਬਨਸਪਤੀ 'ਚੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ‘ਨਿੰਮ’ ਦੇ ਦਰਖਤਾਂ ਦੀਆਂ ਨਵੀਆਂ ਕਰੂੰਬਲਾਂ ਫੁੱਟਣ ਲੱਗ ਪਈਆਂ ਹਨ। ਖੇਤੀ ਤੇ ਜੰਗਲਾਤ ਵਿਭਾਗ ਦੇ ਪੌਦਾ ਮਾਹਿਰਾਂ ਵਲੋਂ ਇਸ ਜਾਰੀ ਪ੍ਰਕਿਰਿਆ ਦੌਰਾਨ ਸਾਰੇ ਦਰਖਤਾਂ ਦੇ 15-20 ਦਿਨਾਂ 'ਚ ਫੁੱਟਣ ਦੀ ਸੰਭਾਵਨਾ ਦਰਸਾਈ ਹੈ। ਦੱਸਣਾ ਬਣਦਾ ਹੈ ਕਿ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦੇ ਹਰ ਪਲੇਟਫ਼ਾਰਮ 'ਤੇ ਨਿੰਮਾਂ ਦੇ ਸੁੱਕਣ ਦੇ ਰੌਲੇ ਦੌਰਾਨ ਹਰ ਦੂਜਾ-ਤੀਜਾ ਵਿਅਕਤੀ ਵਲੋਂ ਇਸ ਪ੍ਰਤੀ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੀਆਂ ਅਟਕਲਾਂ ਦਰਮਿਆਨ ਹੁਣ ‘ਨਿੰਮ’ ਹਰੇ ਭਰੇ ਹੋਣ ਲੱਗੇ ਹਨ। ਕੁਦਰਤ ਤੇ ਵਾਤਾਵਰਨ ਪ੍ਰੇਮੀ ਸੁਖਜੀਤ ਸਿੰਘ ਬੀਰੋਕੇ ਨੇ ਨਿੰਮਾਂ ਦੇ ਮੁੜ ਫੁੱਟਣ ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਆਮ ਤੌਰ 'ਤੇ ਦਰਖਤਾਂ ਦੇ ਸੁੱਕਣ ਦਾ ਮੁੱਖ ਕਾਰਨ ਉਨ੍ਹਾਂ ਨੂੰ ਸਿਉਂਕ ਲੱਗਣਾ ਹੀ ਹੁੰਦਾ ਹੈ ਪਰ ਨਿੰਮ ਦੇ ਦਰਖਤ ਨੂੰ ਸਿਉਂਕ ਵੀ ਨਹੀਂ ਲੱਗਦੀ, ਜਿਸ ਕਰ ਕੇ ਇਸ ਵਾਰ ਪਈ ਜ਼ਿਆਦਾ ਠੰਢ ਹੀ ਇਨ੍ਹਾਂ ਦੇ ਸੁੱਕਣ ਦਾ ਮੁੱਖ ਕਾਰਨ ਜਾਪਦੀ ਸੀ। ਉਨ੍ਹਾਂ ਕਿਹਾ ਕਿ ਨਿੰਮਾਂ ਦੇ ਸੁੱਕਣ ਕਰ ਕੇ ਸੋਸ਼ਲ ਸਾਈਟਾਂ 'ਤੇ ਗਲਤ ਭਰਮ ਫੈਲਾਇਆਂ ਜਾ ਰਿਹਾ ਸੀ ਪਰ ਨਿੰਮਾਂ ਦੇ ਦੁਬਾਰਾ ਫੁੱਟਣ ਨਾਲ ਸਾਬਤ ਹੋ ਗਿਆ ਹੈ ਕਿ ਕੁਦਰਤ ਆਪਣੇ ਨਿਯਮ ਅਨੁਸਾਰ ਹੀ ਕੰਮ ਕਰਦੀ ਹੈ ਅਤੇ ਕੁਦਰਤ ਤੋਂ ਉੱਪਰ ਕੋਈ ਨਹੀਂ।

Post a Comment

0 Comments