ਮਾਨਸਾ ਦੇ ਸਕੂਲ ਮੁਖੀਆਂ ਲਈ ਮਿਸ਼ਨ ਸਮਰੱਥ ਵਰਕਸ਼ਾਪ ਦਾ ਆਯੋਜਨ

 ਮਾਨਸਾ ਦੇ ਸਕੂਲ ਮੁਖੀਆਂ ਲਈ ਮਿਸ਼ਨ ਸਮਰੱਥ ਵਰਕਸ਼ਾਪ ਦਾ ਆਯੋਜਨ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਜਿਲ੍ਹਾ ਸਿੱਖਿਆ ਅਫਸਰ ਮਾਨਸਾ ਮੈਡਮ ਭੁਪਿੰਦਰ ਕੌਰ ਅਤੇ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਮਾਨਸਾ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਦੀ ਯੋਗ ਅਗਵਾਈ ਵਿੱਚ ਮਾਨਸਾ ਜਿਲ੍ਹੇ ਦੇ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਕੂਲ ਮੁਖੀਆਂ ਲਈ ਮਿਸ਼ਨ ਸਮਰੱਥ ਅਧੀਨ ਇੱਕ ਰੋਜ਼ਾ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ । ਇਸ ਵਰਕਸ਼ਾਪ ਵਿੱਚ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ , ਹੈੱਡਮਾਸਟਰ ਅਤੇ ਇੰਚਾਰਜ ਸਕੂਲ ਮੁਖੀਆਂ ਨੇ ਹਿੱਸਾ ਲਿਆ । ਵਰਕਸ਼ਾਪ ਦੇ ਅਯੋਜਨ ਵਿੱਚ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ ਅਤੇ ਜਿਲ੍ਹਾ ਰਿਸੋਰਸ ਪਰਸਨ ਕੇਵਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ । ਵਰਕਸ਼ਾਪ ਦੇ ਮੰਤਵ ਬਾਰੇ ਦੱਸਦਿਆਂ ਮੈਡਮ ਭੁਪਿੰਦਰ ਕੌਰ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਦੂਜੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਭਾਸ਼ਾਈ ਸਮਰੱਥਾ ਅਤੇ ਗਣਿਤਕ ਸਮਰੱਥਾ ਵਿੱਚ ਵਾਧਾ ਕਰਨ ਲਈ ਮਿਸ਼ਨ ਸਮਰੱਥ ਚਲਾਇਆ ਗਿਆ ਹੈ । ਇਸ ਮਿਸ਼ਨ ਤਹਿਤ ਅਪ੍ਰੈਲ ਅਤੇ ਮਈ ਦੇ ਮਹੀਨੇ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਦੇ ਟੀਚਿਆਂ ਦੀ ਪ੍ਰਾਪਤੀ ਲਈ ਹਰ ਪੱਧਰ ਦੇ ਵਿਦਿਆਰਥੀਆਂ ਤੇ ਵਿਸ਼ੇਸ਼ ਰੂਪ ਵਿੱਚ ਫੋਕਸ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਇਸ ਮਿਸ਼ਨ ਦੀ ਸਫਲਤਾ ਲਈ ਅਧਿਆਪਕਾਂ ਦੇ ਨਾਲ ਨਾਲ ਸਕੂਲ ਮੁਖੀਆਂ ਨੂੰ ਵੀ ਟ੍ਰੇਨਿੰਗ ਦੇਣੀ ਜਰੂਰੀ ਹੈ । ਉਹਨਾਂ ਉਮੀਦ ਜਤਾਈ ਕਿ ਮਿਸ਼ਨ ਸਮਰੱਥ ਵਿਦਿਆਰਥੀਆਂ ਦੇ ਵਿੱਦਿਅਕ ਪੱਖ ਵਿੱਚ ਗੁਣਵੱਤਾ ਭਰਪੂਰ ਵਾਧਾ ਕਰੇਗਾ । ਇਸ ਟ੍ਰੇਨਿੰਗ ਵਿੱਚ ਇੰਦਰਜੀਤ ਸਿੰਘ, ਦਿਨੇਸ਼ ਰਿਸ਼ੀ, ਜਸਪ੍ਰੀਤ ਸਿੰਘ ਅਤੇ ਕੇਵਲ ਸਿੰਘ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ । ਟ੍ਰੇਨਿੰਗ ਬਾਰੇ ਡੀ ਆਰ ਸੀ ਨਵਨੀਤ ਕੱਕੜ ਅਤੇ ਰਿਸੋਰਸ ਪਰਸਨ ਕੇਵਲ ਸਿੰਘ ਨੇ ਕਿਹਾ ਕਿ ਮਿਸ਼ਨ ਸਮਰੱਥ ਦੀ ਇਹ ਟ੍ਰੇਨਿੰਗ ਵਿੱਚ ਸਮੂਹ ਸਕੂਲ ਮੁਖੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ । ਉਹਨਾ ਨੇ ਸਮੁੱਚੇ ਪ੍ਰਬੰਧ ਵਿੱਚ ਸਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਮਿੱਢਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ।

Post a Comment

0 Comments