ਮਾਨਸਾ ਬੱਸ ਅੱਡੇ ’ਚੋਂ ਬੱਚੇ ਦੀ ਲਾਸ਼ ਮਿਲਣ ਦੀ ਗੁੱਥੀ ਪੁਲਿਸ ਨੇ ਸੁਲਝਾਈ

ਮਾਨਸਾ ਬੱਸ ਅੱਡੇ ’ਚੋਂ ਬੱਚੇ ਦੀ ਲਾਸ਼ ਮਿਲਣ ਦੀ ਗੁੱਥੀ ਪੁਲਿਸ ਨੇ ਸੁਲਝਾਈ

ਮਾਂ ਵੱਲੋਂ ਹੀ ਕਤਲ ਕੀਤੇ ਹੋਣ ਦਾ ਸ਼ੱਕ


ਮਾਨਸਾ 3 ਅਪਰੈਲ ਗੁਰਜੰਟ ਸਿੰਘ ਬਾਜੇਵਾਲੀਆ
ਕਰੀਬ ਦੋ ਦਿਨ ਪਹਿਲਾਂ ਮਾਨਸਾ ਬੱਸ ਅੱਡੇ  ’ਚੋਂ ਭੇਦ ਭਰੇ ਹਾਲਾਤਾਂ ’ਚ ਕਰੀਬ ਅੱਠ ਸਾਲ ਦੇ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਪੁਲਿਸ ਵੱਲੋਂ ਸੁਲਝਾ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ’ਚ ਕਥਿਤ ਤੌਰ ਤੇ ਬੱਚੇ ਦੀ ਮਾਂ ਹੀ ‘ਕਾਤਲ’ ਦੱਸੀ ਜਾ ਰਹੀ ਹੈ, ਜਿਸ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਵੇਰਵਿਆਂ ਮੁਤਾਬਿਕ ਦੋ ਦਿਨ ਪਹਿਲਾਂ ਮਾਨਸਾ ਬੱਸ ਅੱਡੇ ’ਚੋਂ ਕਰੀਬ ਅੱਠ ਸਾਲ ਦੇ ਬੱਚੇ ਦੀ ਲਾਸ਼ ਮਿਲੀ ਸੀ।

ਲਾਸ਼ ਮਿਲਣ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਤੇ ਬੱਚੇ ਦੀ ਫੋਟੋ ਬੜੀ ਤੇਜ਼ੀ ਨਾਲ ਵਾਇਰਲ ਹੋਈ ਤਾਂ ਜੋ ਉਸ ਦੇ ਮਾਪਿਆਂ ਦਾ ਪਤਾ ਲਾਇਆ ਜਾ ਸਕੇ। ਦੋ ਦਿਨ ਬਾਅਦ ਵੀ ਉਸ ਦੇ ਮਾਪਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਬੱਚੇ ਦੇ ਇਸ ਕਤਲ ’ਚ ਅੱਜ ਉਸ ਸਮੇਂ ਰੌਂਗਟੇ ਖੜ੍ਹੇ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਜਿਸ ਮੁਤਾਬਿਕ ਬੱਚੇ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਤਲਵੰਡੀ ਸਾਬੋ ਵਾਸੀ ਮਾਂ ਵੱਲੋਂ ਹੀ ਕਤਲ ਕੀਤਾ ਗਿਆ ਸੀ।

ਥਾਣਾ ਸਿਟੀ-2 ਦੇ ਪੁਲਿਸ ਅਧਿਕਾਰੀ ਐਸ ਆਈ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਦਾ ਕਤਲ ਉਸ ਦੀ ਮਾਂ ਵੱਲੋਂ ਹੀ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਬੱਚੇ ਦੀ ਭੂਆ ਵੱਲੋਂ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਭੂਆ ਸੰਦੀਪ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਬੱਚੇ ਦੇ ਚਾਚਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਸਿਲਸਿਲੇ ’ਚ ਦਿੱਲੀ ਜਾ ਰਿਹਾ ਸੀ ਤਾਂ ਇਸੇ ਦੌਰਾਨ ਉਸ ਨੇ ਰਸਤੇ ’ਚ ਬੱਚੇ ਦੀ ਇਹ ਫੋਟੋ ਦੇਖੀ ਅਤੇ ਘਰ ਪਰਿਵਾਰਿਕ ਮੈਂਬਰਾਂ ਨੂੰ ਫੋਨ ਕਰਕੇ ਕਿਹਾ ਕਿ ਇਹ ਬੱਚਾ ਆਪਣਾ ਅਗਮਜੋਤ ਸਿੰਘ ਲੱਗ ਰਿਹਾ ਹੈ।

ਉਸ ਨੇ ਮੌਕੇ ਤੇ ਹੀ ਮ੍ਰਿਤਕ ਬੱਚੇ ਦੀ ਮਾਂ ਵੀਰਪਾਲ ਕੌਰ ਉਰਫ ਜੈਸਮੀਨ ਨੂੰ ਫੋਨ ਕੀਤਾ ਤਾਂ ਉਸ ਨੇ ਅੱਗੋ ਆਖਿਆ ਕਿ ਅਗਮਜੋਤ ਤਾਂ ਆਪਣੇ ਨਾਨਕੇ ਘਰ ਗਿਆ ਹੋਇਆ ਹੈ। ਕਾਫੀ ਲੰਬੇ ਸਮੇਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਬੱਚੇ ਦੀ ਫੋਟੋ ਪਹਿਚਾਣੀ ਤਾਂ ਉਹ ਉਹਨਾਂ ਦਾ ਹੀ ਬੱਚਾ ਸੀ। ਪਰਿਵਾਰਿਕ ਮੈਂਬਰਾਂ ਮੁਤਾਬਿਕ ਬੱਚੇ ਦਾ ਕਤਲ ਕਰਨ ਵਿੱਚ ਇਕੱਲੀ ਉਸ ਦੀ ਮਾਂ ਹੀ ਨਹੀਂ ਹੋਰਨਾਂ ਲੋਕਾਂ ਦਾ ਵੀ ਹੱਥ ਹੋ ਸਕਦਾ ਹੈ, ਇਸ ਲਈ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਅਮਨਦੀਪ ਸਿੰਘ ਨੇ ਦੱਸਿਆ ਕਿ ਵੀਰਪਾਲ ਕੌਰ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਜਦੋਂ ਕਿ ਇੱਕ ਪੁਲਿਸ ਅਧਿਕਾਰੀ ਨੇ ਬੱਚੇ ਦੀ ਮਾਂ ਦੀ ਹਾਲੇ ਗ੍ਰਿਫਤਾਰੀ ਨਾ ਹੋਣ ਦੀ ਗੱਲ ਕਹੀ ਹੈ। ਇਸ ਮਾਮਲੇ ’ਚ ਪੁਲਿਸ ਵੱਲੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ, ਪੜਤਾਲ ਉਪਰੰਤ ਮੁਕੰਮਲ ਵੇਰਵੇ ਸਾਂਝੇ ਕੀਤੇ ਜਾ ਸਕਣਗੇ।

Post a Comment

0 Comments